ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਵਾਰਡ ਨੰਬਰ 37 ‘ਚ ਅੱਠ ਲਾਭਪਾਤਰੀਆਂ ਨੂੰ ਦਿੱਤੇ ਨਵੇਂ ਗੈਸ ਕੁਨੈਕਸ਼ਨ
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਵਾਰਡ ਨੰਬਰ 37 ‘ਚ ਅੱਠ ਲਾਭਪਾਤਰੀਆਂ ਨੂੰ ਦਿੱਤੇ ਨਵੇਂ ਗੈਸ ਕੁਨੈਕਸ਼ਨ
ਸਾਰੇ ਯੋਗ ਪਰਿਵਾਰਾਂ ਨੂੰ ਮਿਲੇਗਾ ਕੇਂਦਰ ਦੀ ਇਸ ਸਕੀਮ ਦਾ ਲਾਭ
ਫਗਵਾੜਾ (ਡਾ ਰਮਨ ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਫਗਵਾੜਾ ਗੈਸ ਸਰਵਿਸ ਦੇ ਸਹਿਯੋਗ ਨਾਲ ਵਾਰਡ ਨੰ: 37 ਦੇ ਖੇੜਾ ਰੋਡ ਵਿਖੇ ਕੈਂਪ ਲਗਾ ਕੇ 8 ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਸੋਈ ਗੈਸ ਕੁਨੈਕਸ਼ਨ, ਸਿਲੰਡਰ, ਚੁੱਲ੍ਹਾ ਅਤੇ ਰੈਗੂਲੇਟਰ ਮੁਹੱਈਆ ਕਰਵਾਏ ਗਏ। ਜਦਕਿ ਗੈਸ ਏਜੰਸੀ ਦੇ ਨੁਮਾਇੰਦੇ ਬੱਲੂ ਵੱਲੋਂ 5 ਹੋਰ ਲੋੜਵੰਦ ਔਰਤਾਂ ਦੇ ਫਾਰਮ ਭਰੇ ਗਏ। ਫਗਵਾੜਾ ਗੈਸ ਸਰਵਿਸ ਦੇ ਮਾਲਕ ਪਰਮਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਜਿਨ੍ਹਾਂ ਦੇ ਅੱਜ ਫਾਰਮ ਭਰੇ ਗਏ ਹਨ, ਉਨ੍ਹਾਂ ਨੂੰ ਵੀ ਸਰਕਾਰ ਦੀ ਯੋਜਨਾ ਅਨੁਸਾਰ ਜਲਦੀ ਹੀ ਐਲ.ਪੀ.ਜੀ. ਸਿਲੰਡਰ ਅਤੇ ਕੁਨੈਕਸ਼ਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਇੱਕ ਹੀ ਵਿਅਕਤੀ ਹੈ ਅਤੇ ਉਹ ਆਰਥਿਕ ਤੌਰ ’ਤੇ ਕਮਜ਼ੋਰ ਹੈ, ਉਸਨੂੰ ਵੀ ਇਸ ਸਕੀਮ ਦਾ ਲਾਭ ਦਿਵਾਉਣ ਲਈ ਉਹ ਸਰਕਾਰ ਕੋਲ ਮੁੱਦਾ ਉਠਾਉਣਗੇ। ਮਲਕੀਅਤ ਸਿੰਘ ਰਘਬੋਤਰਾ ਨੇ ਗੈਸ ਏਜੰਸੀ ਦੇ ਮਾਲਕ ਪਰਮਿੰਦਰ ਸਿੰਘ ਅਤੇ ਫਾਰਮ ਭਰਨ ਵਾਲੇ ਕਰਮਚਾਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਡ ਨੰਬਰ 37 ਅਧੀਨ ਮੁਹੱਲਾ, ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ, ਖੇੜਾ ਰੋਡ ਅਤੇ ਗੁਰੂ ਨਾਨਕਪੁਰਾ ਦੇ ਵਸਨੀਕਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਭਲਾਈ ਸਕੀਮਾਂ ਦਾ ਲਾਭ ਦੁਆਉਣ ਦਾ ਆਪਣਾ ਫਰਜ਼ ਨਿਭਾਉਂਦੇ ਰਹਿਣਗੇ। ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਜਿਸ ਸਕੀਮ ਲਈ ਜੋ ਵੀ ਯੋਗ ਵਿਅਕਤੀ ਜਾਂ ਪਰਿਵਾਰ ਹੋਵੇਗਾ ਉਸਨੂੰ ਯਕੀਨੀ ਤੌਰ ਤੇ ਯੋਜਨਾ ਦਾ ਲਾਭ ਦੁਆਇਆ ਜਾਵੇਗਾ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਭੁਵੇਸ਼ ਗੁਪਤਾ, ਅੰਮ੍ਰਿਤ ਗੁਜਰਾਤੀ, ਵੰਦਨਾ ਸ਼ਰਮਾ, ਮੋਹਨ ਲਾਲ ਤਨੇਜਾ ਆਦਿ ਹਾਜ਼ਰ ਸਨ।

