ਨਸ਼ਾ ਰੋਕਣ ਵਾਲੀਆਂ ਕਮੇਟੀਆਂ ਲੱਗੀਆਂ ਕਨੂੰਨ ਹੱਥ ਚ ਲੈਣ
ਨਸ਼ਾ ਰੋਕਣ ਵਾਲੀਆਂ ਕਮੇਟੀਆਂ ਲੱਗੀਆਂ ਕਨੂੰਨ ਹੱਥ ਚ ਲੈਣ
ਬਠਿੰਡਾ (ਜਸਵੀਰ ਸਿੱਧੂ )ਨਸ਼ਾ ਰੋਕਣ ਲਈ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ‘ਤੇ ਬਣਾਈਆਂ ਗਈਆਂ ਨਸ਼ਾ ਵਿਰੋਧੀ ਕਮੇਟੀਆਂ ਨੇ ਹੁਣ ਕਾਨੂੰਨ ਨੂੰ ਆਪਣੇ ਹੱਥ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਇਕ ਮਾਮਲਾ ਬਠਿੰਡਾ ਦੇ ਪਿੰਡ ਘੁੰਮਣ ਕਲਾਂ ਦੀ ਨਸ਼ਾ ਰੋਕੂ ਕਮੇਟੀ ‘ਚ ਸਾਹਮਣੇ ਆਇਆ ਹੈ। ਇਸ ਕਮੇਟੀ ਦੇ ਲੋਕਾਂ ਨੇ ਨਸ਼ਾ ਤਸਕਰੀ ਦੇ ਸ਼ੱਕ ‘ਚ ਇਕ ਨੌਜਵਾਨ ਨੂੰ ਨਾ ਸਿਰਫ਼ ਅਗਵਾ ਕਰ ਲਿਆ, ਸਗੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ।ਇਸ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਲਸਾੜਾ ਨਾਲੇ ‘ਚ ਸੁੱਟ ਦਿੱਤਾ।
14 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਇਸ ਮਾਮਲੇ ‘ਚ ਬਠਿੰਡਾ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਪਤਨੀ ਦੀ ਸ਼ਿਕਾਇਤ ’ਤੇ ਪਿੰਡ ਘੁੰਮਣ ਕਲਾਂ ਦੀ ਨਸ਼ਾ ਵਿਰੋਧੀ ਕਮੇਟੀ ਦੇ ਪ੍ਰਧਾਨ ਸਮੇਤ ਕੁੱਲ 14 ਵਿਅਕਤੀਆਂ ਖ਼ਿਲਾਫ਼ ਕਤਲ, ਅਗਵਾ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਵਿਚ ਦੋ ਦੋਸ਼ੀ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ 12 ਨਾਮਜ਼ਦ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।ਪੁਲਿਸ ਨੇ ਇਸ ਮਾਮਲੇ ‘ਚ ਵਰਤੀ ਕਾਰ ਤੋਂ ਇਲਾਵਾ ਮ੍ਰਿਤਕ ਨੌਜਵਾਨ ਦਾ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ। ਲਾਸ਼ ਨੂੰ ਵੀ ਨਾਲੇ ‘ਚੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ ਤਾਂ ਜੋ ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਪਤਾ ਲੱਗ ਸਕੇ ਕਿ ਉਸ ਦਾ ਕਤਲ ਕਿਸ ਤਰ੍ਹਾਂ ਅਤੇ ਕਿਸ ਹਥਿਆਰ ਨਾਲ ਕੀਤਾ ਗਿਆ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਐਤਵਾਰ ਨੂੰ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕੀਤਾ ਤਾਂ ਜੋ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।

