ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ”* *ਸਾਫ ਖੜੇ ਪਾਣੀ ‘ਚ ਪੈਦਾ ਹੁੰਦਾ ਡੇਂਗੂ ਮੱਛਰ : ਡਾ. ਰਾਜਵਿੰਦਰ ਕੌਰ*

*”ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ”*
*ਸਾਫ ਖੜੇ ਪਾਣੀ ‘ਚ ਪੈਦਾ ਹੁੰਦਾ ਡੇਂਗੂ ਮੱਛਰ : ਡਾ. ਰਾਜਵਿੰਦਰ ਕੌਰ*

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਡੇਂਗੂ ਦਾ ਮੱਛਰ ਸਾਫ ਖ਼ੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਵੇਰੇ ਅਤੇ ਸ਼ਾਮ ਵੇਲੇ ਕੱਟਦਾ ਹੈ ਇਨ੍ਹਾਂ ਸ਼ਬਦਾਂ ਦਾ ਸਿਵਲ ਸਰਜਨ ਕਪੂਰਥਲਾ ਡਾ. ਰਾਜਵਿੰਦਰ ਕੌਰ ਨੇ ਸਿਹਤ ਵਿਭਾਗ ਕਪੂਰਥਲਾ ਵਲੋਂ ਡੇਂਗੂ ਅਤੇ ਮਲੇਰੀਆ ਸਬੰਧੀ ਚਲਾਈ ਜਾ ਗਤੀਵਿਧੀਆਂ ਦੀ ਸਮੀਖਿਆ ਕਰਨ ਮੌਕੇ ਕੀਤਾ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਇੱਕ ਵਾਈਰਲ ਬੁਖਾਰ ਹੈ, ਜੋ ਕਿ ਡੇਂਗੂ ਵਾਈਰਸ ਕਰਕੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਇੱਕ ਏਡੀਜ਼ ਮਾਦਾ ਮੱਛਰ, ਜੋ ਕਿ ਡੇਂਗੂ ਵਾਈਰਸ ਨਾਲ ਸੰਕਰਮਿਤ ਹੁੰਦਾ ਹੈ, ਦੇ ਕੱਟਣ ਨਾਲ ਫੈਲਦਾ ਹੈ।
ਉਨ੍ਹਾਂ ਕਿਹਾ ਕਿ ਏਡੀਜ਼ ਮੱਛਰ ਕਾਲੇ ਰੰਗ ਦਾ ਹੁੰਦਾ ਹੈ ਜਿਸ ਦੀ ਲੱਤਾਂ ਅਤੇ ਸ਼ਰੀਰ ਤੇ ਚਿੱਟੀਆਂ ਧਾਰੀਆਂ ਹੁੰਦੀਆ ਹਨ।
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਏਡੀਜ਼ ਮੱਛਰ ਦਾ ਲਾਰਵਾ ਸਾਫ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਛੱਤਾਂ ‘ਤੇ ਪਈਆਂ ਖੁਲੀਆਂ ਟੈਂਕੀਆਂ, ਟਾਇਰ,ਪਾਣੀ ਸਟੋਰ ਕਰਨ ਵਾਲੇ ਡਰੰਮ,ਕੂਲਰ, ਫਿਜਾਂ ਦੀਆਂ ਡਿਸਪੋਸਲ ਟ੍ਰੇਆਂ,ਗਮਲੇ,ਮਨੀ ਪਲਾਂਟ ਵਾਲੀਆਂ ਬੋਤਲਾਂ, ਜੰਕ ਮਟੀਰੀਅਲ (ਨਾਰੀਅਲ ਦੇ ਖਾਲੀ ਖੋਲ, ਪਾਣੀ ਜਾਂ ਕੋਲਡ ਡਰਿੰਕ ਦੀਆਂ ਖਾਲੀ ਬੋਤਲਾਂ, ਪਲਾਸਟਿਕ ਵੇਸਟ ਆਦਿ) ਅਤੇ ਬਾਕੀ ਥਾਂਵਾ ਜਿੱਥੇ ਪਾਣੀ ਖੜ੍ਹਦਾ ਹੈ ਆਦਿ ਏਡੀਜ਼ ਮੱਛਰ ਦਾ ਲਾਰਵਾ ਪਨਪਣ ਦੇ ਮੁੱਖ ਸਰੋਤ ਹਨ। ਉਨ੍ਹਾਂ “ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਦਾ ਕੀ ਮਹੱਤਵ ਬਾਰੇ ਦੱਸਦਿਆ ਕਿਹਾ ਕਿ ਅਡਲਟ ਏਡੀਜ਼ ਮੱਛਰ, ਅੰਡੇ ਤੋਂ ਇੱਕ ਹਫਤੇ ਵਿੱਚ ਤਿਆਰ ਹੋ ਜਾਂਦਾ ਹੈ। ਇਹ ਅਡਲਟ ਮੱਛਰ ਘਰਾਂ ਵਿੱਚ ਜਿਆਦਾ ਨਮੀ ਵਾਲੀਆਂ ਥਾਵਾਂ, ਪਰਦਿਆਂ ਦੇ ਪਿੱਛੇ, ਦੀਵਾਰਾਂ ਦੇ ਕੋਨੇ,ਅਲਮਾਰੀਆਂ ਪਿੱਛੇ ਅਤੇ ਹਨੇਰੇ ਵਾਲੀਆ ਥਾਵਾਂ ਵਿੱਚ ਰਹਿੰਦਾ ਹੈ। ਇਸ ਕਾਰਨ ਹਰ ਹਫਤੇ ਸ਼ੁਕਰਵਾਰ ਦੇ ਦਿਨ ਘਰ ਦੇ ਆਲੇ ਦੁਆਲੇ ਸਾਫ ਸਫਾਈ ਕੀਤੀ ਜਾਵੇ ਅਤੇ ਲਾਰਵਾ ਮਿਲਣ ਵਾਲੀਆਂ ਥਾਵਾਂ ਨੂੰ ਸਾਫ ਕੀਤਾ ਜਾਵੇ।
*ਕਿਸ ਵੇਲੇ ਕੱਟਦਾ ਹੈ ਏਡੀਜ਼ ਮੱਛਰ*
ਉਨ੍ਹਾਂ ਦੱਸਿਆ ਕਿ ਮਾਦਾ ਏਡੀਜ਼ ਮੱਛਰ ਦਿਨ ਵੇਲੇ ਕੱਟਦਾ ਹੈ। ਇਸ ਲਈ ਦਿਨ ਵੇਲੇ ਵੀ ਸ਼ਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕਪੜੇ
ਪਾਓ ਜਾ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ।
*ਕਿ ਹੈ ਡੇਂਗੂ ਬੁਖਾਰ ਦੀ ਪਹਿਚਾਣ*
• ਤੇਜ਼ ਬੁਖਾਰ ਨਾਲ ਸਿਰ ਦਰਦ ਹੋਣਾ।
• ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੋਣਾ।
• ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੋਣਾ ‘ਤੇ ਥਕਾਨ ਮਹਿਸੂਸ ਹੋਣਾ।
• ਭੁੱਖ ਨਾ ਲੱਗਣਾ ਅਤੇ ਸਵਾਦ ਦਾ ਘੱਟ ਜਾਣਾ।
• ਛਾਤੀ ਅਤੇ ਸ਼ਰੀਰ ਦੇ ਬਾਕੀ ਅੰਗਾਂ ‘ਤੇ ਦਾਣੇ ਹੋਣਾ।
• ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ।
*ਡੇਂਗੂ ਹੈਮੋਰ੍ਹੋਜਿਕ ਬੁਖਾਰ ਦੇ ਲੱਛਣ*
ਡੇਂਗੂ ਹੈਮੋਟ੍ਰੈਜਿਕ ਬੁਖਾਰ ਦੇ ਲੱਛਣ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ : * ਪੇਟ ਵਿੱਚ ਬਹੁਤ ਤੇਜ਼ ਦਰਦ ਹੋਣਾ ਚਮੜੀ ਦਾ ਠੰਡਾ ਅਤੇ ਪੀਲਾ ਪੈਣਾ।
* ਨੱਕ, ਮੂੰਹ ਅਤੇ ਮਸੂੜਿਆ ਵਿੱਚੋ ਖੂਨ ਨਿਕਲਣਾ।
* ਲਗਾਤਾਰ ਉਲਟੀਆਂ ਆਉਣਾਂ (ਜਿਸ ਵਿੱਚ ਖੂਨ ਵੀ ਹੋ ਸਕਦਾ ਹੈ)। ਵਾਰ ਵਾਰ ਮੂੰਹ ਸੁੱਕਣਾ ਅਤੇ ਪਿਆਸ ਲੱਗਣਾਂ।
* ਤੇਜ਼ੀ ਨਾਲ ਨਬਜ਼ ਦਾ ਚੱਲਣਾ।
ਜੇਕਰ ਉਪਰ ਲਿਖੇ ਲੱਛਣਾਂ ਤੋਂ ਕੋਈ ਵੀ ਲੱਛਣ ਮਹਿਸੂਸ ਹਵ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਵੋ।
*ਡੇਂਗੂ ਦੀ ਜਾਂਚ ਅਤੇ ਇਲਾਜ*
ਜ਼ਿਲਾ ਐਪੀਡੀਮੋਲੋਜਿਸਟ ਡਾ. ਨੰਦਿਕਾ ਖੁੱਲਰ ਨੇ ਦੱਸਿਆ ਕਿ ਡੇਂਗੂ ਦੀ ਜਾਂਚ ELISA ਟੈਸਟ ਰਾਹੀਂ ਹੀ ਕਰਵਾਈਆ ਜਾਵੇ ਜੋ ਕਿ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਟੈਸਟ ਹੈ। ਇਹ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਪ੍ਰਾਈਵੇਟ ਹਸਪਤਾਲਾਂ ਅਤੇ ਲੈਬਾਂ ਵੱਲੋਂ ਕੀਤੇ RDT ਟੈਸਟ ਡੇਂਗੂ ਕੰਨਫਰਮ ਕੇਸ ਨਹੀਂ ਹਨ। ਕੇਵਲ ELISA ਟੈਸਟ ਰਾਹੀਂ ਡੇਂਗੂ ਦੇ ਕੇਸ ਹੀ ਕੰਨਫਰਮ ਕੇਸ ਹਨ।
• ਡੇਂਗੂ ਦੇ ਚਿਤਾਵਨੀ ਸੰਕੇਤ ਮਿਲਣ ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਇਆ ਜਾਵੇ। ਇਸਦਾ ਇਲਾਜ ਪੰਜਾਬ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।

*ਡੇਂਗੂ ਦੀ ਰੋਕਥਾਮ ਲਈ ਜਰੂਰੀ ਸੁਨੇਹਾ*
ਰੋਕਥਾਮ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ, ਬੀਸੀਸੀ ਕੁਆਰਡੀਨੇਟਰ ਜੋਤੀ ਅਨੰਦ ਅਤੇ ਬੀਈਈ ਰਵਿੰਦਰ ਜੱਸਲ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਪਾਣੀ ਦੇ ਭਰੇ ਹੋਏ ਭਾਂਡਿਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਅਤੇ ਟੈਂਕੀਆ ਦੇ ਢੱਕਣ ਲਗਾ ਕੇ ਰੱਖੋ।
ਕੂਲਰਾਂ ਵਿੱਚ ਪਾਣੀ ਭਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਰਗੜ ਕੇ ਸਾਫ ਕਰੋ। ਫਿਜਾਂ ਦੀਆਂ ਡਿਸਪੋਸਲ ਟ੍ਰੇਆਂ, ਮਨੀ ਪਲਾਂਟ ਵਾਲੀਆਂ ਬੋਤਲਾਂ, ਗਮਲ੍ਹਿਆਂ ਵਿੱਚ ਜਿਆਦਾ ਦਿਨਾਂ ਤੱਕ ਪਾਣੀ ਖੜ੍ਹਾ ਨਾ ਹੋਣ ਦੇਵੋ ਅਤੇ ਹਰ ਹਫਤੇ ਇੱਕ ਵਾਰੀ ਸਫਾਈ ਕਰੋ।
* ਘਰ ਦੇ ਆਲੇ ਦੁਆਲੇ ਜੰਕ ਮਟੀਰੀਅਲ ਜਿਵੇਂ ਕਿ ਨਾ ਵਰਤਣ ਵਾਲੇ ਟਾਇਰ, ਨਾਰੀਅਲ ਦੇ ਖਾਲੀ ਖੋਲ, ਪਾਣੀ ਜਾਂ ਕੋਲਡ ਡਰਿੰਕ ਦੀਆਂ ਖਾਲੀ ਬੋਤਲਾਂ, ਪਲਾਸਟਿਕ ਵੇਸਟ ਆਦਿ ਨੂੰ ਨਸ਼ਟ ਕੀਤਾ ਜਾਵੇ ।
• ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ, ਜੇਕਰ ਕਿਤੇ ਵੀ ਪਾਣੀ ਖੜ੍ਹਾ ਹੁੰਦਾ ਹੈ ਤਾਂ
ਉਸ ਨੂੰ ਮਿੱਟੀ ਪਾ ਕੇ ਪੂਰਿਆ ਜਾਵੇ।
* ਜਿਹੜੀ ਥਾਂਵਾਂ ਤੇ ਖੜਾ ਪਾਣੀ ਪੂਰਿਆ ਨਾ ਜਾ ਸਕੇ, ਉਹਨਾ ਥਾਵਾਂ ਤੇ ਮਿੰਨਰਲ ਲਾਰਵੀਸਾਈਡਲ ਤੇਲ ਜਾਂ ਵਨਸਪਤੀ ਤੇਲ ਛਿੜਕਿਆ ਜਾਵੇ ਤਾਂ ਜੋ ਮੱਛਰਾਂ ਦੇ ਲਾਰਵੇ ਨੂੰ ਪੈਦਾ
ਹੋਣ ਤੋਂ ਰੋਕਿਆ ਜਾ ਸਕੇ।
• ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਾਓ ਜਾ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ
ਵਰਤੋਂ ਕਰੋ।
• ਬੁਖਾਰ ਹੋਣ ਤੇ ਸਿਰਫ ਪੈਰਾਸੀਟਾਮੋਲ ਦੀ ਗੋਲੀ ਲਓ, ਬੂਫੇਨ/ਇਬੁਬੂਫੇਨ ਜਾ ਐਸਪਰਿਨ ਨਾਂ ਲਈ ਜਾਵੇ

76 Views