ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਨਕੋਦਰ ਹਲਕੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਲਵਿੰਦਰ ਸਿੰਘ ਦੇ ਹੱਕ ਵਿੱਚ ਤੂਫਾਨੀ ਚੋਣ ਪ੍ਰਚਾਰ

ਨਕੋਦਰ (ਝਲਮਨ ਸਿੰਘ) ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਹਲਕਾ ਨਕੋਦਰ ਵਿੱਚ ਸਿਆਸੀ ਸਰਗਰਮੀਆਂ ਪੂਰੇ ਜੋਰਾਂ ‘ਤੇ ਹਨ। ਇਸੇ ਲੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਜ਼ਿਲ੍ਹਾ ਪ੍ਰੀਸ਼ਦ ਜੋਨ 21 ਤੋਂ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਸ. ਵਡਾਲਾ ਨੇ ਪਿੰਡਾਂ ਵਿੱਚ ਹੋਏ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੀ ਤਰੱਕੀ ਲਈ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਾਥ ਦੇਣ।
ਇਸ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਪਹੁੰਚਣ ‘ਤੇ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਉਮੀਦਵਾਰ ਬਲਵਿੰਦਰ ਸਿੰਘ ਦਾ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਵਡਾਲਾ ਨੇ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਵਿੱਚ ਇਮਾਨਦਾਰ ਅਤੇ ਮਿਹਨਤੀ ਨੁਮਾਇੰਦਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਇੱਕ ਜ਼ਮੀਨੀ ਪੱਧਰ ਦੇ ਆਗੂ ਹਨ ਜੋ ਲੋਕਾਂ ਦੀਆਂ ਦੁੱਖ-ਤਕਲੀਫਾਂ ਨੂੰ ਨੇੜਿਓਂ ਸਮਝਦੇ ਹਨ।
ਸ. ਵਡਾਲਾ ਨੇ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਿੰਡਾਂ ਦੇ ਵਿਕਾਸ ਕਾਰਜ ਰੁਕੇ ਪਏ ਹਨ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਵੋਟਰਾਂ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਪਿੰਡਾਂ ਅਤੇ ਕਿਸਾਨੀ ਦੇ ਹੱਕਾਂ ਲਈ ਲੜਦਾ ਰਿਹਾ ਹੈ। ਉਨ੍ਹਾਂ ਜੋਨ 21 ਦੇ ਵੋਟਰਾਂ ਨੂੰ ਬੇਨਤੀ ਕੀਤੀ ਕਿ ਉਹ ਬਲਵਿੰਦਰ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਭੇਜਣ ਤਾਂ ਜੋ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕੀਤਾ ਜਾ ਸਕੇ।
ਇਸ ਮੌਕੇ ਉਮੀਦਵਾਰ ਬਲਵਿੰਦਰ ਸਿੰਘ ਨੇ ਪਾਰਟੀ ਹਾਈਕਮਾਂਡ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਧੰਨਵਾਦ ਕੀਤਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੱਤਣ ਉਪਰੰਤ ਉਹ ਬਿਨਾਂ ਕਿਸੇ ਪੱਖਪਾਤ ਦੇ ਜੋਨ ਦੇ ਸਮੂਹ ਪਿੰਡਾਂ ਦਾ ਵਿਕਾਸ ਕਰਵਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਭਰਪੂਰ ਪਿਆਰ ਅਤੇ ਸਮਰਥਨ ਹੀ ਉਨ੍ਹਾਂ ਦੀ ਅਸਲੀ ਤਾਕਤ ਹੈ ਅਤੇ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਦਿਨ-ਰਾਤ ਇੱਕ ਕਰ ਦੇਣਗੇ।
ਅਖੀਰ ਵਿੱਚ ਸ. ਵਡਾਲਾ ਨੇ ਦੱਸਿਆ ਕਿ ਪਿੰਡਾਂ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਸਥਾਨਕ ਆਗੂ, ਸਰਪੰਚ, ਪੰਚ ਅਤੇ ਪਾਰਟੀ ਵਰਕਰ ਮੌਜੂਦ ਸਨ, ਜਿਨ੍ਹਾਂ ਨੇ ਬਲਵਿੰਦਰ ਸਿੰਘ ਦੀ ਜਿੱਤ ਯਕੀਨੀ ਬਣਾਉਣ ਲਈ ਡਟ ਕੇ ਪਹਿਰਾ ਦੇਣ ਦਾ ਅਹਿਦ ਲਿਆ।

