ਮਿੱਡ ਡੇ ਮੀਲ ਵਰਕਰਾਂ ਨੂੰ ਘੰਟਿਆਂ ਬੱਧੀ ਥਾਣੇ ਅੰਦਰ ਬੰਦ ਰੱਖਣ ਦੀ ਸਖਤ ਨਿਖੇਧੀ

ਮਿੱਡ ਡੇ ਮੀਲ ਵਰਕਰਾਂ ਨੂੰ ਘੰਟਿਆਂ ਬੱਧੀ ਥਾਣੇ ਅੰਦਰ ਬੰਦ ਰੱਖਣ ਦੀ ਸਖਤ ਨਿਖੇਧੀ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਸਭਾ ਚੋਣ ਪ੍ਰਚਾਰ ਹਿਤ ਫਗਵਾੜਾ ਵਿਖੇ ਰੋਡ ਸ਼ੋਅ ਕਾਰਨ ਜਿਥੇ ਗ਼ੈਰ-ਵਾਜਬ ਅਤੇ ਗ਼ੈਰ – ਕਨੂੰਨੀ ਤਰੀਕੇ ਨਾਲ਼ ਵੱਖ – ਵੱਖ ਮੁਲਾਜ਼ਮ ਜਥੇਬੰਦੀਆਂ ਦੇ ਸੰਘਰਸ਼ਸ਼ੀਲ ਆਗੂਆਂ ਦੇ ਘਰਾਂ ‘ਚ ਛਾਪੇ ਮਾਰਨ,ਨਜ਼ਰਬੰਦ ਕਰਨ ਦੀ ਜਾਬਰਾਨਾ ਕਾਰਵਾਈ ਕੀਤੀ ਗਈ, ਉਥੇ ਡੀ.ਐੱਮ.ਐੱਫ.ਆਗੂ ਗੁਰਮੁਖ ਲੋਕਪ੍ਰੇਮੀ,ਮਿੱਡ ਡੇ ਮੀਲ ਯੂਨੀਅਨ ਆਗੂ ਰਾਜਵਿੰਦਰ ਕੌਰ,ਅਨੀਤਾ ਦੇਵੀ,ਪਰਮਜੀਤ ਅਤੇ ਬਲਵਿੰਦਰ ਕੌਰ ਦੀ ਅਗਵਾਈ ਵਿੱਚ ਮੁੱਖ ਮੰਤਰੀ ਨੂੰ ਵਾਅਦੇ ਯਾਦ ਕਰਵਾਉਣ ਲਈ ਅਤੇ ਆਪਣੀਆਂ ਜਾਇਜ਼ ਮੰਗਾਂ ਵੱਲ ਮੁੱਖ ਮੰਤਰੀ ਦਾ ਧਿਆਨ ਦੁਆਉਣ ਪਹੁੰਚੀਆਂ ਲਗਭਗ 50 ਮਿੱਡ ਡੇ ਮੀਲ ਵਰਕਰਾਂ ਨੂੰ ਥਾਣਾ ਸਦਰ ਫਗਵਾੜਾ ਵਿਖੇ ਘੰਟਿਆਂ ਬੱਧੀ ਬੰਦ ਰੱਖਿਆ ਗਿਆ। ਉਪਰੋਕਤ ਜਾਣਕਾਰੀ ਦਿੰਦਿਆਂ ਗੁਰਮੁਖ ਲੋਕਪ੍ਰੇਮੀ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਆਮ ਤੋਂ ਖਾਸਮਖਾਸ ਬਣੀ ਜਾਅਲੀ ਇਨਕਲਾਬੀ ਪਾਰਟੀ ਦੀ ਸਰਕਾਰ ਦੀ ਸ਼ਹਿ ਉੱਤੇ ਪੁਲਿਸ ਨੇ ਗਰੀਬ ਔਰਤ ਵਰਕਰਾਂ ਨੂੰ ਜਬਰੀ ਥਾਣੇ ਡੱਕੀ ਰੱਖਿਆ ਜੋ ਕਿ ਸਰਕਾਰ ਦਾ ਘਿਨਾਉਣਾ ਸ਼ਰਮਨਾਕ ਕਾਰਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਪਿਛਲੀਆਂ ਸਾਰੀਆਂ ਸਰਕਾਰਾਂ ਤੋਂ ਕਿਤੇ ਵੱਧ ਤਾਨਾਸ਼ਾਹ ਸਾਬਤ ਹੋਈ ਹੈ, ਬੀਤੇ ਸਮੇਂ ਦੀਆਂ ਮਾੜੀਆਂ ਤੋਂ ਮਾੜੀਆਂ ਸਰਕਾਰਾਂ ਨੇ ਵੀ ਲੋਕਾਂ ਕੋਲ਼ੋਂ ਸ਼ਾਂਤੀਪੂਰਵਕ ਆਪਣੀ ਗੱਲ ਰੱਖਣ ਦਾ ਹੱਕ ਨਹੀਂ ਖੋਹਿਆ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਲੋਕਾਂ ਦੀਆਂ ਮੰਗਾਂ ਨੂੰ ਮੰਨਣਾ ਜਾਂ ਉਹਨਾਂ ‘ਤੇ ਗ਼ੌਰ ਕਰਨਾ ਤਾਂ ਬਹੁਤ ਦੂਰ ਅੱਜ ਤੱਕ ਕਦੇ ਆਮ ਲੋਕਾਂ ਦੀਆਂ ਮੰਗਾਂ ਨੂੰ ਸੁਣਨਾ ਵੀ ਗਵਾਰਾ ਨਹੀਂ ਸਮਝਿਆ। ਨੇਤਾਵਾਂ ਦੇ ਸਕਿਓਰਟੀ ਪ੍ਰਬੰਧਾਂ ‘ਤੇ ਹਮੇਸ਼ਾ ਵਿਅੰਗ ਕੱਸਣ ਵਾਲ਼ੇ ਭਗਵੰਤ ਮਾਨ ਦੇ ਫਗਵਾੜਾ ਰੋਡ ਸ਼ੋਅ ਕਾਰਨ ਜਿੱਥੇ ਲੋਕ ਆਗੂਆਂ ਨੂੰ ਕੈਦੀਆਂ ਵਾਂਗ ਨਜ਼ਰਬੰਦ ਰੱਖਿਆ ਗਿਆ ,ਓਥੇ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਡੀ.ਟੀ.ਐੱਫ.ਦੇ ਆਗੂਆਂ ਕੁਲਵਿੰਦਰ ਕੌਰ,ਰਜਿੰਦਰਪਾਲ ਕੌਰ,ਜਤਿੰਦਰ ਕੁਮਾਰ,ਸਤਨਾਮ ਪਰਮਾਰ ਅਤੇ ਹਰਜਿੰਦਰ ਨਿਆਣਾ ਆਦਿ ਨੇ ਸਰਕਾਰ ਦੇ ਇਸ ਹਿਟਲਰਸ਼ਾਹੀ ਗ਼ੈਰ ਲੋਕਤੰਤਰਿਕ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਹੈ

54 Views