ਗੁੱਜਰਾਂ ਵੱਲੋਂ ਦੁੱਧ ‘ਚ ਕੀਤੀ ਜਾਂਦੀ ਮਿਲਾਵਟ ਬੰਦ ਕਰਵਾਈ ਜਾਵੇ : ਸੁੱਚਾ ਰਾਮ/ਸੁਨੀਲ ਬੇਦੀ

ਗੁੱਜਰਾਂ ਵੱਲੋਂ ਦੁੱਧ ‘ਚ ਕੀਤੀ ਜਾਂਦੀ ਮਿਲਾਵਟ ਬੰਦ ਕਰਵਾਈ ਜਾਵੇ : ਸੁੱਚਾ ਰਾਮ/ਸੁਨੀਲ ਬੇਦੀ

ਸੁਖਚੈਨ ਰੋਡ ’ਤੇ ਹੋਈ ਮਿਲਕ ਮੈਨ ਤੇ ਡੇਅਰੀ ਯੂਨੀਅਨ ਦੀ ਮੀਟਿੰਗ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਮਿਲਕ ਮੈਨ ਐਂਡ ਡੇਅਰੀ ਯੂਨੀਅਨ ਫਗਵਾੜਾ ਦੀ ਮੀਟਿੰਗ ਸਥਾਨਕ ਸੁਖਚੈਨ ਰੋਡ ’ਤੇ ਹੋਈ। ਜਿਸ ਵਿੱਚ ਡੇਅਰੀ ਉਤਪਾਦਾਂ ਨਾਲ ਸਬੰਧਤ ਕਾਰੋਬਾਰੀ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਯੂਨੀਅਨ ਦੇ ਪ੍ਰਧਾਨ ਸੁੱਚਾ ਰਾਮ ਅਤੇ ਜਨਰਲ ਸਕੱਤਰ ਸੁਨੀਲ ਬੇਦੀ ਨੇ ਸਮੂਹ ਡੇਅਰੀ ਵਪਾਰੀਆਂ ਨੂੰ ਦੁੱਧ ਅਤੇ ਦੁੱਧ ਨਾਲ ਤਿਆਰ ਹੋਣ ਵਾਲੇ ਪਦਾਰਥਾਂ ਦੀ ਗੁਣਵੱਤਾ ਸਬੰਧੀ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣੂ ਕਰਵਾਇਆ। ਜਿਸ ’ਤੇ ਡੇਅਰੀ ਕਾਰੋਬਾਰੀਆਂ ਨੇ ਕਿਹਾ ਕਿ ਉਹ ਖੁਦ ਪਸ਼ੂ ਪਾਲਕ ਨਹੀਂ ਹਨ ਪਰ ਜ਼ਿਆਦਾਤਰ ਦੁੱਧ ਉਨ੍ਹਾਂ ਨੂੰ ਗੁੱਜਰਾਂ ਵੱਲੋਂ ਸਪਲਾਈ ਕੀਤਾ ਜਾਂਦਾ ਹੈ ਜੋ ਫੈਟ ਵਧਾਉਣ ਲਈ ਦੁੱਧ ’ਚ ਰਿਫਾਇੰਡ ਦੀ ਮਿਲਾਵਟ ਕਰਦੇ ਹਨ। ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਪ੍ਰਸ਼ਾਸਨ ਦਾ ਕੰਮ ਹੈ। ਇਸ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਪ੍ਰਧਾਨ ਸੁੱਚਾ ਰਾਮ ਅਤੇ ਜਨਰਲ ਸਕੱਤਰ ਸੁਨੀਲ ਬੇਦੀ ਨੇ ਦੱਸਿਆ ਕਿ ਅਜਕੱਲ੍ਹ ਘਰਾਂ ‘ਚ ਦੁਧਾਰੂ ਪਸ਼ੂ ਪਾਲਣ ਦਾ ਰਿਵਾਜ ਬਹੁਤ ਘੱਟ ਗਿਆ ਹੈ। ਡੇਅਰੀਆਂ ਅਤੇ ਮਿਠਾਈਆਂ ਦੀਆਂ ਦੁਕਾਨਾਂ ਨੂੰ ਜ਼ਿਆਦਾਤਰ ਦੁੱਧ ਦੀ ਸਪਲਾਈ ਗੁੱਜਰਾਂ ਦੁਆਰਾ ਕੀਤੀ ਜਾਂਦੀ ਹੈ। ਅਜਿਹਾ ਨਾ ਕਰਨ ਲਈ ਕਹਿਣ ਦੇ ਬਾਵਜੂਦ ਉਹ ਮਿਲਾਵਟੀ ਦੁੱਧ ਦੀ ਸਪਲਾਈ ਕਰ ਰਹੇ ਹਨ। ਜੇਕਰ ਗੁੱਜਰਾਂ ਤੋਂ ਦੁੱਧ ਨਾ ਲਿਆ ਜਾਵੇ ਤਾਂ ਦੁੱਧ ਦੀ ਮੰਗ ਅਨੁਸਾਰ ਪੂਰਤੀ ਸੰਭਵ ਨਹੀਂ ਹੈ। ਜਿਸ ਨਾਲ ਦੁੱਧ ਦੀ ਕੀਮਤ ਵੀ ਇਸ ਕਦਰ ਵੱਧ ਜਾਵੇਗੀ ਕਿ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਇਸ ਲਈ ਉਹ ਸਿਹਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਮਿਲਾਵਟੀ ਦੁੱਧ ਵੇਚਣ ਵਾਲੇ ਗੁੱਜਰਾਂ ਵਿਰੁੱਧ ਲੋੜੀਂਦੇ ਕਦਮ ਚੁੱਕੇ ਜਾਣ। ਉਨ੍ਹਾਂ ਦੀ ਯੂਨੀਅਨ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਹੈ। ਮੀਟਿੰਗ ਵਿੱਚ ਕੁਲਦੀਪ ਸਿੰਘ, ਅਮਿਤ ਮੱਲ੍ਹਣ, ਭਵਨਦੀਪ, ਮਨੂ ਤਿਵਾੜੀ, ਪਰਮਜੀਤ ਸ਼ਰਮਾ, ਓਮ ਪ੍ਰਕਾਸ਼, ਦਲਜੀਤ ਸਿੰਘ ਆਦਿ ਹਾਜ਼ਰ ਸਨ

40 Views