ਸਾਂਝੇ ਫਰੰਟ ਦੀ 5 ਮਈ ਦੀ ਸੂਬਾਈ ਕਨਵੈਨਸ਼ਨ ਵਿੱਚ ਪੈਨਸ਼ਨਰ ਹੋਣਗੇ ਸ਼ਾਮਲ
ਸਾਂਝੇ ਫਰੰਟ ਦੀ 5 ਮਈ ਦੀ ਸੂਬਾਈ ਕਨਵੈਨਸ਼ਨ ਵਿੱਚ ਪੈਨਸ਼ਨਰ ਹੋਣਗੇ ਸ਼ਾਮਲ
ਛੇਵੇਂ ਪੇ ਕਮਿਸ਼ਨ ਦੇ ਬਕਾਏ ਅਤੇ ਡੀ ਏ ਦੀਆਂ ਕਿਸ਼ਤਾਂ ਅਤੇ ਬਕਾਏ ਨਾ ਦੇਣ ਤੇ ਪੰਜਾਬ ਸਰਕਾਰ ਦੀ ਕੀਤੀ ਤਿੱਖੀ ਨਿਖੇਧੀ : ਭੱਟੀ, ਕੌੜਾ
ਫ਼ਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਫ਼ਗਵਾੜਾ ਵਿਖੇ ਕੀਤੀ ਗਈ। ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਤੋਂ ਟਾਲਾ ਵੱਟਣ ਲਈ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਦੋਧਿਰੀ ਗੱਲਬਾਤ ਕਰਨ ਤੋਂ ਵੀ ਪੰਜਾਬ ਸਰਕਾਰ ਨੇ ਵਾਰ ਵਾਰ ਟਾਲਮ ਟੋਲ ਦੀ ਪਾਲਿਸੀ ਅਖਤਿਆਰ ਕੀਤੀ ਹੋਈ ਹੈ। ਮੀਟਿੰਗ ਵਿੱਚ ਸ਼ਾਮਲ ਸਮੂਹ ਪੈਨਸ਼ਨਰ ਸਾਥੀਆਂ ਨੇ ਪੰਜਾਬ ਸਰਕਾਰ ਵਲੋਂ ਦੋ ਸਾਲ ਦਾ ਸਮਾਂ ਬੀਤ ਜਾਣ ਤੱਕ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਛੇਵੇਂ ਪੇ ਕਮਿਸ਼ਨ ਦੇ ਬਕਾਏ ਅਤੇ ਡੀ ਏ ਦੀਆਂ ਰਹਿੰਦੀਆਂ 12 ਪ੍ਰਤੀਸ਼ਤ ਦੀਆਂ ਕਿਸ਼ਤਾਂ ਅਤੇ ਡੀ ਏ ਦੇ ਪਿਛਲੇ ਬਕਾਏ ਨਾ ਦੇਣ ਦੀ ਤਿੱਖੀ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਛੇਵੇਂ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਅਤੇ ਡੀ ਏ ਦੀਆਂ ਰਹਿੰਦੀਆਂ ਬਾਰਾਂ ਪ੍ਰਤੀਸ਼ਤ ਦੀ ਕਿਸ਼ਤਾਂ ਅਤੇ ਡੀ ਏ ਦੇ ਬਕਾਏ ਤੁਰੰਤ ਦੇ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਰਾਹਤ ਦਿੱਤੀ ਜਾਵੇ। ਪੈਂਨਸ਼ਨ ਰੀਵਾਈਜ ਲਈ 2.59ਦਾ ਗੁਣਾਂਕ ਦਿੱਤਾ ਜਾਵੇ, ਮੈਡੀਕਲ ਭੱਤਾ 2000/- ਰੁਪਏ ਮਹੀਨਾ ਕੀਤਾ ਜਾਵੇ।ਉਹਨਾਂ ਨੇ ਕਿਹਾ ਕਿ ਵੱਡੀ ਉਮਰ ਦੇ ਪੈਂਨਸ਼ਨਰ ਬਕਾਏ ਨੂੰ ਉਡੀਕਦੇ ਉਡੀਕਦੇ ਦਿਨ-ਬ-ਦਿਨ ਅਗਲੇ ਜਹਾਨ ਨੂੰ ਜਾ ਰਹੇ ਹਨ।ਬਾਕੀ ਹੱਕੀ ਅਤੇ ਜ਼ਾਇਜ਼ ਮੰਗਾਂ ਦੇ ਯੋਗ ਨਿਪਟਾਰੇ ਲਈ ਜਥੇਬੰਦੀਆਂ ਦੇ ਆਗੂਆਂ ਨਾਲ ਦੋਧਿਰੀ ਗੱਲਬਾਤ ਕਰਕੇ ਮੰਗਾਂ ਨੂੰ ਮੰਨ ਕੇ ਲਾਗੂ ਕਰਨ ਦਾ ਉਪਰਾਲਾ ਗੰਭੀਰਤਾ ਨਾਲ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਦਿਖਾਈ ਜਾ ਰਹੀ ਬੇਰੁਖੀ ਦਾ ਲੋਕ ਸਭਾ ਦੀਆਂ ਚੋਣਾਂ ਵਿੱਚ ਕਰਾਰਾ ਜਵਾਬ ਦੇਣ ਲਈ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵਲੋਂ 05 ਮਈ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਐਸੋਸੀਏਸ਼ਨ ਦੀ ਆਮਦਨ ਅਤੇ ਹੋਏ ਖਰਚੇ ਦਾ ਵੇਰਵਾ ਵੀ ਹਾਜ਼ਰ ਮੈਂਬਰਾਂ ਨਾਲ ਸਾਂਝਾ ਕੀਤਾ ਗਿਆ।ਸਾਲ 2024 ਦਾ ਸੰਘਰਸ਼ ਫੰਡ ਜਮਾਂ ਕਰਵਾਉਣ ਵਾਲੇ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਵੀ ਕੀਤਾ ਗਿਆ ਅਤੇ ਰਹਿੰਦੇ ਪੈਨਸ਼ਨਰ ਭੈਣ ਭਰਾਵਾਂ ਨੂੰ ਸਾਲ 2024 ਦਾ ਸੰਘਰਸ਼ ਫੰਡ ਜਮਾਂ ਕਰਵਾਉਣ ਲਈ ਅਪੀਲ ਵੀ ਕੀਤੀ ਗਈ।।ਇਸ ਸਮੇਂ ਮੀਟਿੰਗ ਵਿੱਚ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਸਰਪ੍ਰਸਤ ਅਤੇ ਸੂਬਾਈ ਆਗੂ ਕਰਨੈਲ ਸਿੰਘ ਸੰਧੂ, ਸੀਤਲ ਰਾਮ ਬੰਗਾ, ਪ੍ਰਮੋਦ ਕੁਮਾਰ ਜੋਸ਼ੀ,ਨਿਰਮੋਲਕ ਸਿੰਘ ਹੀਰਾ,ਸਾਧੂ ਰਾਮ ਜੱਖੂ,ਹਰਭਜਨ ਲਾਲ ਕੌਲ, ਗੁਰਦੀਪ ਜੱਸੀ,ਕ੍ਰਿਸ਼ਨ ਗੋਪਾਲ ਚੋਪੜਾ, ਗੁਰਨਾਮ ਸਿੰਘ ਸੈਣੀ,ਕੇ.ਕੇ.ਪਾਂਡੇ, ਅਸ਼ਵਨੀ ਕੁਮਾਰ, ਸ਼੍ਰੀ ਰਾਮ ਆਦਿ ਸਾਥੀ ਹਾਜ਼ਰ ਹੋਏ


