ਕੈਬਿਨੇਟ ਮੰਤਰੀ ਅਤੇ ਖਡੂਰ ਸਾਹਿਬ ਤੋਂ ਲੋਕਸਭਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਖਿਲਾਫ ਰਾਮਗੜ੍ਹੀਆ ਬਿਰਾਦਰੀ ਨੇ ਜਤਾਇਆ ਰੋਸ

ਕੈਬਿਨੇਟ ਮੰਤਰੀ ਅਤੇ ਖਡੂਰ ਸਾਹਿਬ ਤੋਂ ਲੋਕਸਭਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਖਿਲਾਫ ਰਾਮਗੜ੍ਹੀਆ ਬਿਰਾਦਰੀ ਨੇ ਜਤਾਇਆ ਰੋਸ

ਰਾਮਗੜ੍ਹੀਆ ਬਿਰਾਦਰੀ ਬਾਰੇ ਇਤਰਾਜਯੋਗ ਟਿੱਪਣੀ ਬਰਦਾਸ਼ਤ ਨਹੀਂ – ਕੁੰਦੀ

ਕਾਰਵਾਈ ਲਈ ਚੋਣ ਕਮਿਸ਼ਨਰ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ

ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਜਿਲ੍ਹਾ ਕਪੂਰਥਲਾ ਯੁਨਿਟ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਰਾਮਗੜ੍ਹੀਆ ਬਿਰਾਦਰੀ ਬਾਰੇ ਕੀਤੀ ਇਤਰਾਜ ਯੋਗ ਟਿੱਪਣੀ ਨੂੰ ਲੈ ਕੇ ਤਿੱਖਾ ਰੋਸ ਪ੍ਰਗਟਾਇਆ ਹੈ। ਫੈਡਰੇਸ਼ਨ ਦੇ ਵਫਦ ਨੇ ਮੰਤਰੀ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਐਸ.ਡੀ.ਐਮ. ਫਗਵਾੜਾ ਦੀ ਮਾਰਫਤ ਚੋਣ ਕਮਿਸ਼ਨਰ ਪੰਜਾਬ ਸ੍ਰੀ ਰਾਜਕੁਮਾਰ ਚੌਧਰੀ ਦੇ ਨਾਂ ਇਕ ਮੰਗ ਪੱਤਰ ਵੀ ਦਿੱਤਾ। ਇਸੇ ਤਰ੍ਹਾਂ ਫੈਡਰੇਸ਼ਨ ਦਾ ਵਫਦ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਕੁੰਦੀ ਦੀ ਅਗਵਾਈ ਹੇਠ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੂੰ ਵੀ ਮਿਲਿਆ ਅਤੇ ਮੰਗ ਪੱਤਰ ਦਿੰਦੇ ਹੋਏ ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ। ਇਸ ਦੌਰਾਨ ਜਤਿੰਦਰ ਸਿੰਘ ਕੁੰਦੀ, ਪਰਮਿੰਦਰ ਸਿੰਘ ਕੁੰਦੀ ਅਤੇ ਮੁਖਿੰਦਰ ਸਿੰਘ ਨੇ ਦੱਸਿਆ ਕਿ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਇਤਰਾਜਯੋਗ ਟਿੱਪਣੀ ਵਾਲਾ ਵੀਡੀਓ ਕਲਿਪ ਦੇਖ ਕੇ ਉਹਨਾਂ ਦੀ ਭਾਵਨਾ ਨੂੰ ਠੇਸ ਪੁੱਜੀ ਹੈ। ਉਹਨਾਂ ਦੱਸਿਆ ਕਿ ਲਾਲਜੀਤ ਸਿੰਘ ਭੁੱਲਰ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਆਪ ਪਾਰਟੀ ਦੇ ਲੋਕਸਭਾ ਉਮੀਦਵਾਰ ਹਨ। ਉਹਨਾਂ ਨੇ ਚੋਣ ਪ੍ਰਚਾਰ ਮੁਹਿਮ ਦੌਰਾਨ ਰਾਮਗੜ੍ਹੀਆ ਬਿਰਾਦਰੀ ਦੇ ਖਿਲਾਫ ਭੱਦੀ ਸ਼ਬਦਾਵਲੀ, ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਭਾਈਚਾਰੇ ਦਾ ਅਪਮਾਨ ਕੀਤਾ ਹੈ ਜੋ ਕਿ ਪੰਜਾਬੀਆਂ ਨੂੰ ਜਾਤ-ਪਾਤ ਵਿਚ ਵੰਡਣ ਦੀ ਕੋਸ਼ਿਸ਼ ਅਤੇ ਚੋਣ ਪ੍ਰਕ੍ਰਿਆ ਨੂੰ ਗਲਤ ਦਿਸ਼ਾ ਦੇ ਕੇ ਲੋਕਤੰਤਰ ਦਾ ਗਲਾ ਘੁੱਟਣ ਵਾਲੀ ਗੱਲ ਹੈ। ਜਤਿੰਦਰ ਸਿੰਘ ਕੁੰਦੀ ਜੋ ਕਿ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਹੋਣ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵੀ ਹਨ, ਉਹਨਾਂ ਨੇ ਤਲਖ ਲਹਿਜੇ ਵਿਚ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਨੇ ਵੀ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਨਾ ਸਿਰਫ ਆਪਣੇ ਅਹੁਦੇ ਬਲਕਿ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦੇਣਗੇ। ਕਿਉਂਕਿ ਜਿਸ ਪਾਰਟੀ ਵਿਚ ਰਾਮਗੜ੍ਹੀਆ ਬਿਰਾਦਰੀ ਦਾ ਸਤਿਕਾਰ ਨਹੀਂ, ਉਸ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਰੱਖਣਾ ਉਹਨਾਂ ਦੀ ਆਤਮਾ ਨੂੰ ਸਵੀਕਾਰ ਨਹੀਂ ਹੋ ਸਕਦਾ। ਮੰਗ ਪੱਤਰ ਦੇ ਉਤਾਰੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਕਪੂਰਥਲਾ ਨੂੰ ਵੀ ਭੇਜੇ ਗਏ ਹਨ। ਇਸ ਮੌਕੇ ਚਰਨਜੀਤ ਸਿੰਘ ਚਾਨਾ, ਮਨਜੀਤ ਸਿੰਘ, ਜਗਜੀਤ ਸਿੰਘ ਚਾਨਾ, ਅਮਰਜੀਤ ਰਿਐਤ, ਬਲਵਿੰਦਰ ਸੱਗੂ, ਰਵਿੰਦਰ ਸਿੰਘ ਪਨੇਸਰ ਤੋਂ ਇਲਾਵਾ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਭੰਮਰਾ ਆਦਿ ਹਾਜਰ ਸਨ

37 Views