ਪਾਬੰਦੀ ਦੇ ਬਾਵਜੂਦ ਲਗਾਤਾਰ ਲੰਘ ਰਹੇ ਨੇ ਟਰੱਕ ਟਰਾਲੇ,

ਐਸਡੀਐਮ ਦੇ ਹੁਕਮਾਂ ਨੂੰ ਟਿੱਚ ਸਮਝਦੀ ਪੁਲਿਸ
, 22 ਜੂਨ
ਨਡਾਲਾ- (ਸੁਰਜੀਤ ਸਿੰਘ ਗੋਰਾ ) -ਬੇਗੋਵਾਲ ਸੜਕ ਤੋਂ ਦਿਨ ਵੇਲੇ ਪਾਬੰਦੀ ਦੇ ਬਾਵਜੂਦ ਭਾਰੀ ਟਰੱਕ ਟਰਾਲੇ ਲੰਘ ਰਹੇ ਹਨ ਜਿਸ ਨਾਲ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨਾਲ ਲਗਾਤਾਰ ਹਾਦਸੇ ਵਾਪਰ ਰਹੇ ਹਨ ਇਵੇ ਲਗਦਾ ਹੈ ਕਿ ਨਡਾਲਾ ਤੇ ਬੇਗੋਵਾਲ ਪੁਲਿਸ ਐਸਡੀਐਮ ਭੁਲੱਥ ਵੱਲੋ ਕੀਤੇ ਪਾਬੰਦੀ ਦੇ ਹੁਕਮਾਂ ਨੂੰ ਟਿੱਚ ਸਮਝ ਰਹੀ ਹੈ। ਕਿਉ ਕਿ ਨਡਾਲਾ ਤੋ ਲੈ ਕੇ ਬੇਗੋਵਾਲ ਟਾਂਡਾ ਰੋਡ ਤੱਕ ਤੱਕ ਕੋਈ ਨਾਕਾਬੰਦੀ ਨਹੀਂ। ਕੋਈ ਚੈਕਿੰਗ ਨਹੀਂ, ਕੋਈ ਪੁਲਿਸ ਮੁਲਾਜ਼ਮ ਨਹੀਂ। ਕਾਫੀ ਸਮੇਂ ਤੋ ਸੁਭਾਨਪੁਰ ਚੌਕ ,ਚ ਪੱਕੇ ਟਰੈਫਿਕ ਪੁਲਿਸ ਤਾਇਨਾਤ ਸਨ। ਪਰੰਤੂ 6 ਮਾਰਗੀ ਤੇ ਫਲਾਈਉਵਰ ਬਣਨ ਦੇ ਬਾਅਦ ਉਹ ਵੀ ਹਟਾ ਲਏ ਗਏ ਹਨ। ਨਡਾਲਾ ਚੌਕ ਵਿੱਚ ਵੀ ਤਾਇਨਾਤ 4 ਟਰੈਫਿਕ ਮੁਲਾਜਮ ਹਟਾ ਲਏ ਗਏ। ਅਜਿਹੀ ਹਾਲਤ ਵਿੱਚ ਸੁਭਾਨਪੁਰ ਸਾਈਡ ਤੋਂ ਬਿਨਾਂ ਰੋਕ ਟੋਕ ਇਹਨਾਂ ਟਿੱਪਰ ਟਰਾਲਿਆਂ ਦੀ ਆਮਦ ਹੋ ਰਹੀ ਹੈ। ਇਹ ਟਰਾਲੇ ਮਾਲਵਾ ਤੋਂ ਜੰਮੂ ਕਸ਼ਮੀਰ ਵੱਲ ਜਾਣ ਲਈ, ਜਲੰਧਰ ਪਠਾਨਕੋਟ ਮਾਰਗ ਤੇ ਲੱਗਦੇ ਭਾਰੀ ਟੋਲ ਟੈਕਸ ਤੋਂ ਬਚਾ ਲਈ ਕਾਫੀ ਸਮੇਂ ਤੋਂ ਇਸ ਸੜਕ ਦੀ ਵਰਤੋਂ ਕਰ ਰਹੇ ਹਨ। ਪੇਂਡੂ ਸੰਘਣੀ ਅਬਾਦੀ ਵਾਲੇ ਖੇਤਰ ,ਚੌ ਲੰਘਦੇ ਇਹਨਾਂ ਤੇਜ ਰਫਤਾਰ ਟਰਾਲਿਆਂ ਕਾਰਨ ਕਾਫੀ ਮੌਤਾ ਹੋਈਆਂਂ ਤੇ ਕਈ ਲੋਕ ਜਖਮੀ ਹੋਏ ਸਨ। ਲੋਕਾਂ ਦੇ ਵਿਰੋਧ ਤੇ ਐਸ ਡੀ ਐਮ ਭੁਲੱਥ ਨੇ ਇਹਨਾਂ ਦੀ ਆਮਦ ਤੇ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਪਾਬੰਦੀ ਲਾਈ ਹੋਈ। ਪਰ ਪ੍ਰਸ਼ਾਸ਼ਨ ਦੀ ਅਣਗਹਿਲੀ ਨਾਲ ਅੱਜ ਫਿਰ ਇੱਕ ਨੋਜਵਾਨ ਦੀ ਟਿਪਰ ਦੀ ਟੱਕਰ ਵੱਜਣ ਨਾਲ ਮੌਤ ਹੋ ਗਈ। ਇਸ ਸਬੰਧੀ ਇਲਾਕਾ ਵਾਸੀਆਂ ਕੁਲਦੀਪ ਸਿੰਘ ਟਾਂਡੀ, ਜਰਨੈਲ ਸਿੰਘ ਟਾਂਡੀ, ਜੋਗਾ ਸਿੰਘ ਇਬਰਾਹੀਮਵਾਲ, ਸਤਪਾਲ ਸਿੱਧੂ, ਨੇ ਆਖਿਆ ਕਿ ਅਗਰ ਪਾਬੰਦੀ ਟਾਈਮ ਤੇ ਟਰਾਲਿਆਂ ਕਾਰਨ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਲਈ ਪੁਲਿਸ ਪ੍ਰਸ਼ਾਸ਼ਨ ਜੁਮੇਵਾਰ ਹੋਵੇਗਾ । ਇਸ ਸਬੰਧੀ ਉਹਨਾ ਮੰਗ ਕੀਤੀ ਕਿ ਟਰੱਕ ਟਰਾਲਿਆ ਦੀ ਆਮਦ ਤੇ ਲੱਗੀ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।

